This is also truth
ਇਕ ਸੱਚ ਇਹ ਵੀ
ਕੇ. ਐਸ. ਮੱਖਣ ਦੀ ਬਦਲੀ ਸੋਚ ਬਾਬਤ ਉੱਠੇ ਸਵਾਲ ਤੇ ਸਾਡਾ ਤਰਕ
ਇਨਸਾਨੀ ਸੋਚ ਦਾ ਕੋਈ ਪਤਾ ਨਹੀਂ, ਕਿਹੜੇ ਵੇਲ਼ੇ ਕਿੱਧਰ ਮੋੜ ਕੱਟ ਜਾਵੇ। ਕਈ ਵਾਰ 'ਰੱਬ-ਰੱਬ' ਕਰਨ ਵਾਲਿਆਂ ਦੀ ਸੋਚ ਇਕਦਮ ਬਦਲਦੀ ਹੈ ਤੇ ਉਹ ਅਜਿਹਾ ਚੰਦ ਚਾੜ• ਦਿਖਾਉਂਦੇ ਨੇ, ਜਿਸ ਬਾਰੇ ਜਾਣ ਸੱਭੇ ਹੈਰਾਨ ਰਹਿ ਜਾਂਦੇ ਨੇ ਤੇ ਕਈ ਵਾਰ ਉਨ•ਾਂ ਲੋਕਾਂ ਬਾਰੇ ਨੇਕ ਨੀਤੀ ਨਾਲ ਚੱਲਣ ਦੀਆਂ ਖ਼ਬਰਾਂ ਮਿਲ ਜਾਂਦੀਆਂ ਨੇ, ਜਿਨ•ਾਂ ਬਾਰੇ ਧਾਰਨਾ ਬਣੀ ਹੁੰਦੀ ਏ ਕਿ ਉਹ ਕਦੇ ਏਦਾਂ ਦੇ ਚੰਗੇ ਕੰਮ ਬਾਰੇ ਸੋਚ ਤੱਕ ਨਹੀਂ ਸਕਦੇ।
ਪਿਛਲੇ ਕੁਝ ਦਿਨਾਂ ਤੋਂ ਗਾਇਕ ਕੇ.ਐਸ.ਮੱਖਣ ਵੱਲੋਂ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗਣ ਵਾਲੀ ਗੱਲ ਦੀ ਖੂਬ ਚਰਚਾ ਹੋ ਰਹੀ ਹੈ। ਜਿਨ•ਾਂ ਨੇ ਅਖ਼ਬਾਰਾਂ ਵਿੱਚ ਇਸ ਬਾਬਤ ਛਪੀਆਂ ਖ਼ਬਰਾਂ ਨੂੰ ਨਹੀਂ ਪੜਿ•ਆ, ਉਨ•ਾਂ ਨੂੰ ਕਿਸੇ ਦੇ ਦੱਸਣ 'ਤੇ ਇਸ ਖ਼ਬਰ 'ਤੇ ਹਾਲੇ ਤੱਕ ਯਕੀਨ ਨਹੀਂ ਹੋ ਰਿਹਾ ਤੇ ਜਿਹੜੇ ਲੋਕ 'ਫੇਸਬੁਕ' ਜਾਂ ਹੋਰ ਸਾਈਟਾਂ 'ਤੇ ਮੱਖਣ ਦੀਆਂ ਨਵੇਂ ਰੂਪ ਵਾਲੀਆਂ ਤਸਵੀਰਾਂ ਦੇਖ ਰਹੇ ਨੇ, ਉਹ ਹੇਠਾਂ ਤਰ•ਾਂ-ਤਰ•ਾਂ ਦੇ ਕੁਮੈਂਟ ਦੇ ਰਹੇ ਨੇ। ਕਈਆਂ ਦਾ ਇਹ ਕਹਿਣੈ ਕਿ, 'ਮੱਖਣ ਨੇ ਆਪਣੇ ਪੇਸ਼ੇ ਨਾਲੋਂ ਪਾਸਾ ਵੱਟ ਕੇ ਬਹੁਤ ਵੱਡਾ ਨੁਕਸਾਨ ਕੀਤੈ...' ਤੇ ਕਈਆਂ ਦਾ ਕਹਿਣੈ, 'ਆਸਥਾ ਤੇ ਸ਼ਰਧਾ ਅੱਗੇ ਕਿਸੇ ਚੀਜ਼ ਦਾ ਜ਼ੋਰ ਨਹੀਂ ਚੱਲਦਾ...ਮੱਖਣ ਨੇ ਜੋ ਕੀਤੈ, ਉਹ ਉਸ ਦੇ ਮਨ ਦੀ ਮੌਜ ਏ...ਉਸ ਦੇ ਨਵੇਂ ਰੂਪ ਦੀ ਵੀ ਕਦਰ ਕਰਨੀ ਚਾਹੀਦੀ ਏ।'
ਕਈ ਸੱਜਣ ਖੋਜੀ ਬਿਰਤੀ ਦੇ ਧਾਰਨੀ ਬਣਦਿਆਂ ਮੱਖਣ ਦੇ ਬਦਲਾਅ ਨੂੰ ਵੱਖੋ-ਵੱਖਰੇ ਤਰੀਕਿਆਂ ਨਾਲ ਪ੍ਰੀਭਾਸ਼ਤ ਕਰਦੇ ਸੁਣੀਂਦੇ ਨੇ। ਕਈਆਂ ਦਾ ਕਹਿਣੈ, 'ਇਹਨੇ ਚੋਣ ਲੜਨੀ ਹੋਣੀ ਏ?' ਕਿਸੇ ਦਾ ਕਹਿਣੈ, 'ਅੰਮ੍ਰਿਤ ਛਕਣ ਪਿੱਛੇ ਕੋਈ ਡੂੰਘਾ ਕਾਰਨ ਹੋਏਗਾ' ਤੇ ਕੋਈ ਕੁਝ ਹੋਰ ਬੋਲ ਰਿਹੈ। ਭਾਵ ਜਿੰਨੇ ਮੂੰਹ ਨੇ, ਓਨੀਆਂ ਗੱਲਾਂ ਹੋ ਰਹੀਆਂ ਨੇ, ਪਰ ਵੱਖਰੀ ਗੱਲ ਏ ਕਿ ਮੱਖਣ ਦੇ ਅੰਦਰੇ ਬਾਰੇ ਕੋਈ ਨਹੀਂ ਜਾਣਦਾ।
ਕੇ.ਐਸ.ਮੱਖਣ ਨੇ 13 ਅਪ੍ਰੈਲ ਨੂੰ ਕੁਲਦੀਪ ਸਿੰਘ ਮੱਖਣ ਬਣ ਜਾਣੈ ਤੇ ਉਸ ਨੇ ਵਪਾਰਕ ਕਿਸਮ ਦੀ ਗਾਇਕੀ ਨੂੰ ਅਲਵਿਦਾ ਕਹਿ ਛੱਡਣੈ, ਸਾਨੂੰ ਇਸ ਗੱਲ ਦੀ ਕਨਸੋਅ ਉਸ ਵੱਲੋਂ ਅੰਮ੍ਰਿਤ ਛਕਣ ਤੋਂ ਤਕਰੀਬਨ ਪੰਦਰਾਂ ਕੁ ਦਿਨ ਪਹਿਲਾਂ ਮਿਲ ਗਈ ਸੀ। ਪਰ ਅਸੀਂ ਇਹ ਦੇਖਣਾ ਠੀਕ ਸਮਝਿਆ ਕਿ ਬੰਦੇ ਦਾ ਮਨ ਨਿਸਚਿਤ ਦਿਨ ਤੱਕ ਪਤਾ ਨਹੀਂ ਕਿੱਧਰ ਹੋ ਜਾਵੇ, ਸੋ ਪਹਿਲਾਂ ਕੋਈ ਵੀ ਟਿੱਪਣੀ ਕਰਨੀ ਠੀਕ ਨਹੀਂ। ਅੰਮ੍ਰਿਤ ਛਕ ਕੇ ਅਗਲੇ ਦਿਨ ਉਸ ਨੇ ਫੋਨ ਕੀਤਾ ਤਾਂ 'ਸਤਿ ਸ੍ਰੀ ਅਕਾਲ' ਦੀ ਥਾਂ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ' ਕਹਿ ਗੱਲ ਸ਼ੁਰੂ ਕੀਤੀ ਤਾਂ ਪਤਾ ਲੱਗ ਗਿਆ ਉਹ ਕਹਿਣੀ 'ਤੇ ਖਰਾ ਉੱਤਰ ਗਿਐ।
ਮੱਖਣ ਬਾਰੇ ਸਾਡੀ ਸੋਚ ਉਲਾਰਵਾਦੀ ਨਹੀਂ। ਉਸ ਨੇ ਪੰਜਾਬੀ ਗਾਇਕੀ ਵਿੱਚ ਵੰਨ-ਸੁਵੰਨਾ ਗਾ ਬਹੁਤ ਨਾਮਣਾ ਖੱਟਿਆ ਹੈ, 'ਮਿੱਤਰਾਂ ਦੀ ਮੋਟਰ 'ਤੇ ਨਿੱਤ ਕੱਚ ਦੀ ਗਲਾਸੀ ਖੜਕੇ' ਤੋਂ ਸ਼ੁਰੂ ਹੋਇਆ ਉਸ ਦਾ ਗਾਇਕੀ ਸਫ਼ਰ 'ਲੱਕ ਤੇ ਜੱਟ ਦੇ ਡੌਲੇ ਦਾ' ਤੱਕ ਪੂਰੀ ਤਰ•ਾਂ ਸਫ਼ਲ ਰਿਹਾ। ਸੀਜ਼ਨ ਦੌਰਾਨ ਉਸ ਨੂੰ ਮਿਲਣ ਵਾਲੇ ਸ਼ੋਆਂ ਦੀ ਵੀ ਘਾਟ ਨਹੀਂ ਸੀ। ਸੜਕ ਤੋਂ ਲੰਘਣ ਵੇਲ਼ੇ ਜਾਂ ਜਨਤਕ ਥਾਂ 'ਤੇ ਜਾਣ ਮੌਕੇ ਆਟ੍ਰੋਗ੍ਰਾਫ਼ ਲੈਣ ਜਾਂ ਫੋਟੋਆਂ ਖਿਚਾਉਣ ਵਾਲਿਆਂ ਦਾ ਝੁਰਮਟ ਬਾਕੀ ਕਲਾਕਾਰਾਂ ਵਾਂਗ ਉਸ ਨੂੰ ਵੀ ਚੰਗਾ ਲੱਗਦਾ ਹੋਏਗਾ, ਪਰ ਮਨ ਦੀ ਮੌਜ ਵੀ ਕੋਈ ਚੀਜ਼ ਹੁੰਦੀ ਏ। ਇਹ ਮੌਜ ਰਾਜੇ ਤੋਂ ਫ਼ਕੀਰੀ ਵੀ ਕਰਾ ਸਕਦੀ ਏ। ਸਾਡੇ ਕੋਲ ਵੱਖ-ਵੱਖ ਖੇਤਰਾਂ ਜੁੜੇ ਰਹੇ ਲੋਕਾਂ ਨਾਲ ਸਬੰਧਤ ਕਿੰਨੀਆਂ ਹੀ ਉਦਾਹਰਣਾਂ ਨੇ, ਜਿਨ•ਾਂ ਵਿੱਚ ਪਹਿਲਾਂ ਨੇਕ ਜ਼ਿੰਦਗੀ ਬਸਰ ਕਰਦੇ ਲੋਕ ਇਕਦਮ ਗ਼ਲਤ ਕੰਮਾਂ ਵੱਲ ਮੋੜ ਕੱਟ ਕੇ ਬਦਨਾਮੀ ਦਾ ਟਿੱਕਾ ਮੱਥੇ 'ਤੇ ਲੁਆ ਬੈਠੇ ਤੇ ਤਰ•ਾਂ-ਤਰ•ਾਂ ਦੇ ਗ਼ਲਤ ਕੰਮਾਂ ਵਿਚ ਸ਼ਾਮਲ ਬਹੁਤ ਸਾਰੇ ਲੋਕਾਂ ਦੀ ਸੋਚ ਨੇ ਇਕਦਮ ਅਜਿਹਾ ਮੋੜ ਕੱਟਿਆ ਕਿ ਉਹ ਫ਼ਕੀਰਾਂ ਵਰਗੇ ਬਣ ਗਏ।
ਕੇ.ਐਸ.ਮੱਖਣ ਨੂੰ ਬਤੌਰ ਪੱਤਰਕਾਰ ਅਸੀਂ ਜਿੰਨਾ ਕੁ ਮਿਲੇ ਵਰਤੇ ਹਾਂ, ਉਸ ਅਧਾਰ 'ਤੇ ਕਹਿ ਸਕਦੇ ਹਾਂ ਕਿ ਅਧਿਆਤਮਵਾਦ ਦੀਆਂ ਗੱਲਾਂ ਉਸ ਅੰਦਰ ਉਦੋਂ ਵੀ ਭਾਰੂ ਸਨ, ਜਦੋਂ ਉਹ 'ਮੈਨੂੰ ਜੇਮਜ਼ ਬੌਂਡ ਕਹਿੰਦੀ ਏ ਸਾਰੀ ਦੁਨੀਆ' ਜਾਂ 'ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇ' ਵਰਗੇ ਗੀਤ ਗਾਉਂਦਾ ਸੀ। ਵੱਖਰੀ ਗੱਲ ਏ ਕਿ ਉਦੋਂ ਲੋਕਾਂ ਨੂੰ ਸਿਰਫ਼ ਉਸ ਦਾ ਗਾਉਂਦਾ ਤੇ ਹੱਸਦਾ ਚਿਹਰਾ ਹੀ ਸਕਰੀਨ 'ਤੇ ਦਿਖਾਈ ਦਿੰਦਾ ਸੀ। ਪਰ ਨਿੱਜੀ ਮਿਲਣੀਆਂ ਵਿੱਚ ਉਹ ਵਾਰ-ਵਾਰ 'ਵਾਹਿਗੁਰੂ-ਵਾਹਿਗੁਰੂ' ਕਹਿੰਦਾ ਤੇ ਨਾਲ ਹੀ ਗੋਲ ਜਹੀ ਗੱਲ ਕਰ ਛੱਡਦਾ ਕਿ ਪਤਾ ਨਹੀਂ ਕਦੋਂ ਗਾਉਣਾ ਛੱਡ ਹੋਰ ਪਾਸੇ ਤੁਰ ਪਈਏ।
ਉਹ ਪਾਸਾ ਕਿਹੜਾ ਹੋਇਆ, ਇਹ ਸੋਚਣਾ ਸੁਣਨ ਵਾਲਿਆਂ ਦਾ ਕੰਮ ਹੁੰਦਾ ਸੀ। 13 ਅਪ੍ਰੈਲ ਤੋਂ ਪੰਦਰਾਂ ਕੁ ਦਿਨ ਪਹਿਲਾਂ ਸਾਨੂੰ ਇਕ ਸੱਜਣ ਨੇ ਦੱਸਿਆ ਕਿ ਮੱਖਣ ਨੇ ਨੱਚਣ-ਟੱਪਣ ਵਾਲੀ ਗਾਇਕੀ ਦਾ ਖਹਿੜਾ ਛੱਡ ਗੁਰੂ ਵਾਲਾ ਬਣਨ ਦੀ ਧਾਰ ਲਈ ਏ। ਬਾਕੀਆਂ ਵਾਂਗ ਸਾਨੂੰ ਵੀ ਉਸ ਦੀਆਂ ਗੱਲਾਂ 'ਤੇ ਯਕੀਨ ਨਹੀਂ ਸੀ ਹੋਇਆ, ਕਿਉਂਕਿ ਜਿਹੜੇ ਗਾਇਕ ਦੇ ਗਾਣੇ ਡੀ.ਜੇ. 'ਤੇ ਵੱਜਦੇ ਹੋਣ, ਲੱਖਾਂ ਰੁਪਏ ਦੇ ਸ਼ੋਅ ਲੱਗਦੇ ਹੋਣ, ਉਹ ਇਕਦਮ ਏਦਾਂ ਦਾ ਫ਼ੈਸਲਾ ਕਿਵੇਂ ਲੈ ਸਕਦੈ। ਪਰ ਫੇਰ ਮੱਖਣ ਨੇ ਖੁਦ ਦੱਸਿਆ ਸੀ ਕਿ ਸੁਣੀਆਂ ਗੱਲਾਂ ਸਹੀ ਨੇ ਤੇ ਮੈਂ ਆਪਣੇ ਸਾਥੀਆਂ ਨਾਲ ਅੰਮ੍ਰਿਤ ਛਕਣ ਜਾ ਰਿਹਾਂ। ਪਹਿਲਾਂ ਪ੍ਰੋਗਰਾਮ ਆਨੰਦਪੁਰ ਸਾਹਿਬ ਦਾ ਬਣਿਆ ਸੀ ਕਿ ਉਥੇ ਜਾ ਕੇ ਅੰਮ੍ਰਿਤ ਛਕਣੈ, ਪਰ ਫੇਰ ਨੇੜਲੇ ਪਿੰਡ ਜਾ ਛਕਿਆ।
ਕੁਲਦੀਪ ਸਿੰਘ ਮੱਖਣ ਬਣਨ ਤੋਂ ਬਾਅਦ ਇੱਕ ਦਿਨ ਜਦੋਂ ਉਸ ਨਾਲ ਮੇਲ ਹੋਇਆ ਤਾਂ ਪਹਿਲਾਂ ਨਾਲੋਂ ਢੇਰ ਬਦਲਿਆ ਉਸ ਦਾ ਰੂਪ ਦੇਖ ਖੁਸ਼ੀ ਵੀ ਹੋਈ ਤੇ ਹੈਰਾਨੀ ਵੀ। ਉਸ ਨੇ ਕੋਈ ਪੁਰਾਣੀ ਗੱਲ ਸਾਂਝੀ ਨਾ ਕੀਤੀ, ਸਗੋਂ ਘੜੀ-ਮੁੜੀ ਬਾਣੀ ਲੜ ਲੱਗਣ ਵਾਲੀ ਗੱਲ ਦੁਹਰਾਈ। ਹਮੇਸ਼ਾ ਉਸ ਦੇ ਨਾਲ ਰਹਿਣ ਵਾਲੇ ਮੈਨੇਜਰ ਕੁਲਦੀਪ ਸਿੰਘ ਤੇ ਉਸ ਦੀ ਘਰਵਾਲੀ ਨੇ ਵੀ ਉਸੇ ਦਿਨ ਅੰਮ੍ਰਿਤ ਛਕਿਐ।
ਅਸੀਂ ਉਸ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਇਕਦਮ ਏਨੀ ਵੱਡੀ ਤਬਦੀਲੀ ਕਿਵੇਂ? ਤਾਂ ਉਸ ਦਾ ਸਧਾਰਨ ਜਿਹਾ ਜਵਾਬ ਸੀ, 'ਬਸ ਵਾਹਿਗੁਰੂ ਦੀ ਮਰਜ਼ੀ ਏ, ਜਿਵੇਂ ਉਹਦਾ ਹੁਕਮ ਹੋਇਐ, ਹੋ ਗਿਆ।' ਨਾਲ ਹੀ ਉਸ ਨੇ ਸਿੱਖੀ ਲੜ ਲੱਗੇ ਕਈ ਉਨ•ਾਂ ਸੱਜਣਾਂ ਦਾ ਜ਼ਿਕਰ ਕੀਤਾ, ਜਿਨ•ਾਂ ਗਾਤਰੇ ਵੀ ਪਾਏ ਹੋਏ ਨੇ, ਸਿੱਖੀ ਸਰੂਪ ਵਿੱਚ ਵੀ ਦਿਸਦੇ ਨੇ, ਪਰ ਉਨ•ਾਂ ਉਸ ਨੂੰ ਵਾਰ-ਵਾਰ ਮਿਲ ਕੇ ਆਖਿਆ ਕਿ ਤੁਸੀਂ ਅੰਮ੍ਰਿਤ ਨਾ ਛਕੋ, ਕੋਈ ਲਾਭ ਨਹੀਂ। ਇਸ ਲਈ ਉਹ ਨੇ ਹਫ਼ਤਾ ਭਰ ਆਪਣਾ ਫੋਨ ਬੰਦ ਰੱਖਿਆ, ਕਿਉਂਕਿ ਕਈ ਨੇੜਲਿਆਂ ਵੱਲੋਂ ਉਸ 'ਤੇ ਫੈਸਲਾ ਬਦਲਣ ਦਾ ਦਬਾਅ ਪਾਇਆ ਜਾ ਰਿਹਾ ਸੀ।
ਮੱਖਣ ਨੇ ਸਾਫ਼ ਸ਼ਬਦਾਂ ਵਿਚ ਕਿਹਾ, 'ਰੋਟੀ ਜੋਗਾ ਪੈਸਾ ਮੇਰੇ ਕੋਲ ਏ, ਜਿੰਨੀ ਸ਼ੋਹਰਤ ਕਮਾਉਣੀ ਸੀ, ਕਮਾ ਲਈ। ਕਈ ਚੰਗੇ-ਮੰਦੇ ਕੰਮਾਂ ਦੇ ਤਜਰਬੇ ਵੀ ਕੀਤੇ, ਪਰ ਹੁਣ ਬਾਕੀ ਰਹਿੰਦੀ ਜ਼ਿੰਦਗੀ ਗੁਰੂ ਦੇ ਲੇਖੇ ਲਾਉਣੀ ਏ। ਭਵਿੱਖ 'ਚ ਕੋਈ ਕਮਰਸ਼ੀਅਲ ਗੀਤ ਨਹੀਂ ਗਾਉਣਾ, ਪਰ ਧਾਰਮਿਕ ਗਾਇਕੀ ਜ਼ਰੂਰ ਪੇਸ਼ ਕਰਾਂਗਾ ਤੇ ਹੁਣੇ-ਹੁਣੇ ਇਕ ਧਾਰਮਿਕ ਐਲਬਮ 'ਖਾਲਸੇ ਕਲਗੀਧਰ ਦੇ' ਵੀ ਰਿਲੀਜ਼ ਕੀਤੀ ਹੈ, ਜਿਸ ਵਿੱਚ ਗ਼ਰਮ ਤੇ ਨਰਮ ਖਿਆਲੀ ਲੋਕਾਂ ਨੂੰ ਪਸੰਦ ਆਉਣ ਵਾਲੇ ਗੀਤ ਸ਼ਾਮਲ ਨੇ।' ਸਾਡਾ ਇਹ ਸਭ ਲਿਖਣ ਦਾ ਮਕਸਦ ਇਹ ਹੈ ਕਿ ਸਿੱਖੀ ਦੀਆਂ ਗੱਲਾਂ ਕਰਨ ਵਾਲੇ ਬਹੁਤੇ ਸੱਜਣਾਂ ਨੂੰ ਵਾਲ਼ ਦੀ ਖੱਲ ਲਾਹੁਣ ਦੀ ਆਦਤ ਏ। ਉਹ ਆਪਣੇ ਕੋਲੋਂ ਹੀ ਗੱਲਾਂ ਘੜਦੇ ਰਹਿੰਦੇ ਨੇ, ਫ਼ਾਇਦੇ ਨੁਕਸਾਨਾਂ ਦੀ ਗਿਣਤੀ-ਮਿਣਤੀ 'ਚ ਰੁੱਝੇ ਰਹਿੰਦੇ ਨੇ। ਨਾਸਤਿਕ ਲੋਕਾਂ ਦੀ ਆਪਣੀ ਸੋਚ ਹੁੰਦੀ ਏ, ਗ਼ਲਤ ਉਨ•ਾਂ ਨੂੰ ਵੀ ਨਹੀਂ ਕਿਹਾ ਜਾ ਸਕਦਾ, ਪਰ ਧਰਮ-ਕਰਮ ਦਾ ਮਾਮਲਾ ਸਭ ਦਾ ਨਿੱਜੀ ਏ, ਇਸ ਵਿੱਚ ਸਾਡੀ ਜਾਚੇ ਦਖ਼ਲ ਦਾ ਅਧਿਕਾਰ ਕਿਸੇ ਨੂੰ ਵੀ ਨਹੀਂ।
ਜੇ ਕੇ.ਐਸ.ਮੱਖਣ ਹੁਣ ਕੁਲਦੀਪ ਸਿੰਘ ਮੱਖਣ ਬਣ ਗਿਐ ਤਾਂ ਕੋਈ ਬਹੁਤੀ ਵੱਡੀ ਪਰਲੋਂ ਨਹੀਂ ਆ ਚੱਲੀ। ਹਰ ਸਾਲ ਹਜ਼ਾਰਾਂ ਲੋਕ ਅੰਮ੍ਰਿਤ ਛਕਦੇ ਨੇ ਤੇ ਸੈਂਕੜੇ ਲੋਕ ਅੰਮ੍ਰਿਤ ਤੋੜ ਦਿੰਦੇ ਨੇ। ਪਰ ਕਿਉਂਕਿ ਮੱਖਣ ਵਰਗਿਆਂ ਦੀ ਪਛਾਣ ਹੁੰਦੀ ਹੈ, ਇਸ ਕਰਕੇ ਉਨ•ਾਂ ਦੇ ਇਕਹਿਰੇ-ਇਕਹਿਰੇ ਕੰਮ 'ਤੇ ਸਾਡੀ ਨਜ਼ਰ ਰਹਿੰਦੀ ਏ। ਇਸ ਵੇਲ਼ੇ ਬਹੁਗਿਣਤੀ ਲੋਕ ਮੱਖਣ ਦੀ ਨਵੀਂ ਸੋਚ ਦੀ ਹਮਾਇਤ ਕਰਨ ਵਾਲੇ ਨੇ ਕਿ ਉਹ ਗੁਰੂ ਲੜ ਲੱਗ ਗਿਐ, ਪਰ ਸਨਕੀ ਲੋਕ ਤਰ•ਾਂ-ਤਰ•ਾਂ ਦੇ ਕਿਆਫ਼ੇ ਲਾ ਰਹੇ ਹਨ। ਉਹ ਉਸ ਬਾਬਤ ਉਦੋਂ ਵੀ ਸਵਾਲ ਕਰਦੇ ਸਨ, ਜਦੋਂ ਉਹ 'ਹੌਟ ਜਵਾਨੀ ਨੇ, ਕਰਤੇ ਗੱਭਰੂ ਕੂਲ' ਗੀਤ ਗਾਉਂਦਾ ਸੀ ਤੇ ਅੱਜ ਵੀ ਸਵਾਲ ਕਰੀ ਜਾ ਰਹੇ ਨੇ, ਜਦੋਂ ਉਹਨੇ ਗਾਉਣ ਵੱਲੋਂ ਪਾਸਾ ਵੱਟ ਲਿਐ।
ਚੰਗੇ ਗੀਤ ਗਾਉਣ ਵਾਲੇ ਇਕਦਮ ਲੁੱਚੇ ਗੀਤ ਗਾਉਣ ਲੱਗ ਜਾਣ ਤੇ ਲੁੱਚੇ ਗੀਤਾਂ ਦੇ ਗਾਇਕ ਇਕਦਮ ਧਾਰਮਿਕ ਗਾਇਕੀ ਵੱਲ ਮੋੜ ਕੱਟ ਲੈਣ, ਇਹ ਉਦਾਹਰਣਾਂ ਸਮੇਂ ਸਮੇਂ 'ਤੇ ਮਿਲਦੀਆਂ ਰਹੀਆਂ ਨੇ। ਸ਼ਾਇਦ ਭੁੱਲਣਹਾਰ ਲੋਕਾਂ ਨੂੰ ਯਾਦ ਨਹੀਂ ਹੋਏਗਾ ਕਿ ਪੰਦਰਾਂ ਕੁ ਸਾਲ ਪਹਿਲਾਂ ਇਕ ਬੇਹੱਦ ਤੱਤਾ ਗਾਉਣ ਵਾਲਾ ਕਲਾਕਾਰ ਇਕਦਮ ਮਾੜਾ ਗਾਉਣਾ ਛੱਡ ਇੱਕ ਡੇਰੇ ਦਾ ਸੇਵਾਦਾਰ ਬਣ ਗਿਆ ਸੀ। ਪਾਲੀ ਦੇਤਵਾਲੀਆ ਅਮਰ ਸਿੰਘ ਚਮਕੀਲਾ ਲਈ ਗੀਤ ਲਿਖਦਾ-ਲਿਖਦਾ ਇਕਦਮ ਧੀਆਂ-ਭੈਣਾਂ ਵਾਲੇ ਗੀਤਾਂ ਦਾ ਰਚੇਤਾ ਬਣ ਗਿਆ। ਮਾਲਵੇ ਦਾ ਇਕ ਕਲਾਕਾਰ ਹੁਣ ਗਾਇਕੀ ਤੋਂ ਥੋੜ•ਾ ਪਾਸਾ ਵੱਟ ਪੁੱਛਾਂ ਦੇਣ ਦਾ ਕੰਮ ਸ਼ੁਰੂ ਕਰ ਚੁੱਕੈ। ਇਸ ਤਰ•ਾਂ ਦੀਆਂ ਹੋਰ ਵੀ ਕਈ ਉਦਾਹਰਣਾਂ ਮਿਲ ਜਾਂਦੀਆਂ ਨੇ, ਜਿਨ•ਾਂ ਬਾਰੇ ਜਾਣ ਇਲਮ ਹੋ ਜਾਂਦੈ ਕਿ ਇਨਸਾਨ ਦਾ ਮਨ ਥਾਲੀ 'ਚ ਪਏ ਪਾਣੀ ਵਰਗਾ ਏ, ਕਿਸੇ ਮੌਕੇ ਕਿਹੜੇ ਵੀ ਪਾਸੇ ਹੋ ਸਕਦੈ।
ਸੋ ਜੇ ਹੁਣ ਮੱਖਣ 'ਗੁਰੂ ਵਾਲਾ' ਬਣ ਗਿਐ, ਤਾਂ ਸਾਨੂੰ ਉਸ ਦੀ ਸ਼ਰਧਾ ਦੀ ਕਦਰ ਕਰਨੀ ਚਾਹੀਦੀ ਏ। ਸਿੱਖੀ ਨਾਲ ਸਬੰਧਤ ਕਈ ਸੰਸਥਾਂਵਾਂ ਨੇ ਉਸ ਨੂੰ ਸਨਮਾਨਤ ਕਰਨ ਦੀ ਪੇਸ਼ਕਸ਼ ਵੀ ਕੀਤੀ, ਪਰ ਉਸ ਨੇ ਕਿਹਾ ਕਿ ਮੈਂ ਕਿਸੇ ਮਸ਼ਹੂਰੀ ਖਾਤਰ ਇਹ ਸਭ ਨਹੀਂ ਕੀਤਾ, ਸਗੋਂ ਮੇਰੇ ਮਨ ਦੀ ਸ਼ਰਧਾ ਹੈ। ਫਿਰ ਸਾਨੂੰ ਕੀ ਹੱਕ ਹੈ ਕਿ ਅਸੀਂ ਕਿਸੇ ਦੀ ਸ਼ਰਧਾ 'ਤੇ ਵੀ ਬਿਨਾਂ ਗੱਲੋਂ ਕਿੰਤੂ-ਪ੍ਰੰਤੂ ਕਰਦੇ ਰਹੀਏ।
ਨਾਨਕਿਆਂ ਵਾਲੇ ਗੀਤ
ਹੁਣ ਇੰਜ ਜਾਪਣ ਲੱਗੈ ਜਿਵੇਂ ਪੰਜਾਬ ਦੇ ਗਵੱਈਆਂ ਨੇ 'ਨਾਨਕੇ' ਜਾਣ ਵਾਲੇ ਗੀਤਾਂ ਨੂੰ ਰੰਦਾ ਲਾਉਣਾ ਸ਼ੁਰੂ ਕਰ ਦਿੱਤਾ ਹੋਵੇ। ਟੀ.ਵੀ. 'ਤੇ ਚੱਲਣ ਵਾਲਾ ਹਰ ਸੱਤਵਾਂ-ਅੱਠਵਾਂ ਗੀਤ ਨਾਨਕਿਆਂ ਨਾਲ ਸਬੰਧਤ ਏ। ਕਿਸੇ ਦਾ ਵਿਸ਼ਾ ਏ ਕਿ ਮੈਨੂੰ ਨਾ ਚਾਹੁੰਦੀ ਨੂੰ ਵੀ ਨਾਨਕੇ ਜਾਣਾ ਪੈ ਗਿਆ, ਕਿਸੇ ਦਾ ਵਿਸ਼ਾ ਏ ਕਿ ਮੈਂ ਮਾਪਿਆਂ ਘਰ ਅਜ਼ਾਦ ਨਹੀਂ ਸਾਂ ਤੇ ਮੇਰੇ 'ਤੇ ਰੰਗ-ਰੂਪ ਨਾਨਕੇ ਜਾ ਕੇ ਆਉਣਾ ਸ਼ੁਰੂ ਹੋਇਐ ਤੇ ਕੋਈ ਕਹਿ ਰਿਹੈ ਕਿ ਤੇਰੇ ਵਰਗੀ ਬੇਵਫ਼ਾ ਕੋਈ ਨਹੀਂ, ਤੂੰ ਨਾਨਕੇ ਜਾਣ ਦਾ ਪੱਜ ਲਾਇਆ ਸੀ, ਪਰ ਪਤਾ ਉਦੋਂ ਲੱਗਾ, ਜਦੋਂ ਲੰਡਨ ਜਾ ਕੇ ਬੈਠ ਗਈ।
ਗੀਤਕਾਰਾਂ ਨੂੰ ਜਿਹੋ ਜਿਹੇ ਫੁਰਨੇ ਫੁਰਦੇ ਨੇ, ਗਾਇਕ ਉਨ•ਾਂ ਨੂੰ ਅਵਾਜ਼ ਦਿੰਦੇ ਰਹਿੰਦੇ ਨੇ। ਕਦੇ ਹੋਸਟਲਾਂ, ਪੀ.ਜੀ ਤੇ ਹੋਟਲਾਂ ਦੀਆਂ ਗੱਲਾਂ ਕਰਨ ਵਾਲੇ ਕਲਾਕਾਰਾਂ ਨੂੰ 'ਨਾਨਕੇ' ਵਿਸ਼ੇ ਦਾ ਜਿਹੜਾ ਨਵਾਂ ਫੁਰਨਾ ਫੁਰਿਆ ਏ, ਇਹ ਵੀ ਬਾਕੀ ਵਿਸ਼ਿਆਂ ਵਾਂਗ ਦਸ-ਵੀਹ ਗੀਤਾਂ ਤੱਕ ਸੀਮਤ ਹੋ ਕੇ ਰਹਿ ਜਾਏਗਾ।
ਸਕੂਲਾਂ ਦੀਆਂ ਛੁੱਟੀਆਂ ਵੇਲ਼ੇ ਬੱਚਿਆਂ ਨੂੰ ਨਾਨਕੇ ਜਾਣ ਦਾ ਬੜਾ ਚਾਅ ਹੁੰਦੈ। ਉਹ ਮਾਪਿਆਂ ਨਾਲ ਪਹਿਲਾਂ ਹੀ ਸਕੀਮ ਬਣਾ ਲੈਂਦੇ ਨੇ ਕਿ ਮੈਂ ਛੁੱਟੀਆਂ ਵਿੱਚ ਨਾਨੇ-ਨਾਨੀ, ਮਾਮੇ-ਮਾਮੀ ਨੂੰ ਮਿਲਣ ਜਾਣੈ ਤੇ ਮਾਪੇ ਉਨ•ਾਂ ਨੂੰ ਨਾਨਕੇ ਛੱਡ ਕੇ ਆਉਣ ਤੇ ਬਾਅਦ ਵਿੱਚ ਛੁੱਟੀਆਂ ਮੁੱਕਣ 'ਤੇ ਵਾਪਸ ਲਿਆਉਣ ਦਾ ਕੰਮ ਵੀ ਕਰਦੇ ਨੇ, ਪਰ ਜੇ ਕਲਾਕਾਰ ਨਾਨਕਿਆਂ ਨੂੰ ਏਸੇ ਤਰ•ਾਂ ਬਦਨਾਮ ਕਰਦੇ ਰਹੇ ਤਾਂ ਸ਼ਾਇਦ ਮਾਪਿਆਂ ਦੇ ਮਨਾਂ 'ਚ ਧਾਰਨਾ ਬਣ ਜਾਵੇ ਕਿ ਨਾਨੇ-ਨਾਨੀ ਕੋਲ ਜਾ ਕੇ ਮਿਲੀ ਬੇਲੋੜੀ ਖੁੱਲ• ਸਾਡੇ ਨਿਆਣਿਆਂ ਨੂੰ ਵਿਗਾੜ ਕੇ ਰੱਖ ਦੇਵੇਗੀ।
ਪਿੱਛੇ ਜਹੇ ਸਾਨੂੰ ਇਕ ਬੀਬੀ ਦਾ ਫੋਨ ਆਇਆ ਸੀ, ਜਿਸ ਨੇ ਕਿਹਾ ਸੀ ਕਿ ਮੈਂ ਆਪਣੀ ਭੂਆ ਦੇ ਪਿੰਡ ਪੜ•ਦੀ ਸੀ ਤੇ ਜਦੋਂ 'ਮੈਂ ਪਿੰਡ ਨਾਨਕੇ ਰਹਿੰਦਾ ਸੀ, ਉਹ ਭੂਆ ਕੋਲੇ ਪੜ•ਦੀ ਸੀ' ਗੀਤ ਰਿਲੀਜ਼ ਹੋਇਆ ਤਾਂ ਮਾਪਿਆਂ ਮੈਨੂੰ ਪੜ•ਨੋਂ ਹਟਾ ਕੇ ਪਿੰਡ ਵਾਪਸ ਬੁਲਾ ਲਿਆ। ਉਹ ਉਨ•ਾਂ ਕਲਾਕਾਰਾਂ ਨੂੰ ਕੋਸ ਰਹੀ ਸੀ, ਜਿਹੜੇ ਸ਼ੁਗਲ-ਸ਼ੁਗਲ ਵਿੱਚ ਅਜਿਹੇ ਗੀਤ ਗਾ ਛੱਡਦੇ ਨੇ ਤੇ ਕਿਸੇ ਹੋਣਹਾਰ ਦਾ ਭਵਿੱਖ ਬਰਬਾਦ ਕਰ ਛੱਡਦੇ ਨੇ।
ਸਾਡੀ ਜਾਚੇ ਕਲਾਕਾਰਾਂ ਨੂੰ ਨਾਨਕਿਆਂ, ਭੂਆ, ਮਾਸੀਆਂ ਜਾਂ ਹੋਰ ਗੂੜ•ੀਆਂ ਰਿਸ਼ਤੇਦਾਰੀਆਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਦੀ ਥਾਂ ਗਾਉਣ ਵੇਲੇ ਮਰਿਆਦਾ ਦਾ ਖਿਆਲ ਜ਼ਰੂਰ ਰੱਖਣਾ ਚਾਹੀਦੈ।
-ਸਵਰਨ ਸਿੰਘ ਟਹਿਣਾ
E-mail : swarntehna@gmail.com
98141-78883










